ਅਨਾਜ ਦੀ ਢੋਆ ਢੁਆਈ ਲਈ ਹੋਵੇਗੀ ਟਰਾਲੀਆਂ ਦੀ ਵਰਤੋਂ ਤੁਸੀਂ ਵੀ ਲੈ ਸਕਦੇ ਹੋ ਇਸ ਤਰ੍ਹਾਂ ਪਰਮਿਟ

  84

  ਟਰੈਕਟਰ ਟਰਾਲੀਆਂ ਰਾਹੀਂ ਅਨਾਜ ਦੀ ਢੋਆ-ਢੁਆਈ ਕਰਨ ਵਾਲੇ ਕਿਸਾਨਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈ ਕੋਰਟ ਨੇ ਕਮਰਸ਼ੀਅਲ ਪਰਮਿਟ ਵਾਲੀਆਂ ਟਰੈਕਟਰ ਟਰਾਲੀਆਂ ਨੂੰ ਵਰਤੇ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

  ਜਸਟਿਸ ਅਰੁਣ ਮੋਂਗਾ ਨੇ ਸਪੱਸ਼ਟ ਕੀਤਾ ਕਿ ਪਰਮਿਟ ਵਾਲੇ ਵਾਹਨ ਟੈਂਡਰ ਪ੍ਰਕਿਰਿਆ ’ਚ ਸ਼ਾਮਲ ਹੋ ਸਕਦੇ ਹਨ ਅਤੇ ਪੰਜਾਬ ਸਰਕਾਰ ਇਸ ਬਾਬਤ ਨੋਟੀਫਿਕੇਸ਼ਨ ਦਾ ਢੁਕਵਾਂ ਪ੍ਰਚਾਰ ਕਰੇ।

  ਆਲ ਪੰਜਾਬ ਟਰੱਕ ਅਪਰੇਟਰ ਯੂਨੀਅਨ ਵੱਲੋਂ ਦਾਖ਼ਲ ਚਾਰ ਪਟੀਸ਼ਨਾਂ ’ਤੇ ਇਹ ਫ਼ੈਸਲਾ ਆਇਆ ਹੈ ਜਿਨ੍ਹਾਂ ਮੰਗ ਕੀਤੀ ਸੀ ਕਿ ਟਰੈਕਟਰ ਟਰਾਲੀਆਂ ਨੂੰ ਕਾਰੋਬਾਰੀ ਕੰਮਾਂ ਲਈ ਵਰਤੇ ਜਾਣ ਤੋਂ ਰੋਕੇ ਜਾਣ ਦੇ ਨਿਰਦੇਸ਼ ਦਿੱਤੇ ਜਾਣ।ਸਰਕਾਰੀ ਵਕੀਲ ਨੇ ਬੈਂਚ ਮੂਹਰੇ 25 ਅਪਰੈਲ 2018 ਦੇ ਨੋਟੀਫਿਕੇਸ਼ਨ ਦੇ ਨਾਲ ਪੰਜਾਬ ਰਾਜ ਟਰਾਂਸਪੋਰਟ ਕਮਿਸ਼ਨਰ ਬੀ ਪੁਰਸ਼ਾਰਥਾ ਵੱਲੋਂ ਤਿਆਰ ਹਲਫ਼ਨਾਮਾ ਦਾਖ਼ਲ ਕੀਤਾ।

  ਬੈਂਚ ਨੂੰ ਦੱਸਿਆ ਗਿਆ ਕਿ ਪੰਜਾਬ ਮੋਟਰ ਵਹੀਕਲਜ਼ ਰੂਲਜ਼ ਅਤੇ ਮੋਟਰ ਵਹੀਕਲਜ਼ ਐਕਟ ਤਹਿਤ ਢੁਕਵੀਂ ਅਥਾਰਟੀ ਤੋਂ ਗੁੱਡਜ਼ ਕੈਰਿਜ ਪਰਮਿਟ ਲਏ ਜਾਣ ਮਗਰੋਂ ਟਰੈਕਟਰ ਟਰਾਲੀ ਦੀ ਵਰਤੋਂ ਮੰਡੀਆਂ ਜਾਂ ਖ਼ਰੀਦ ਕੇਂਦਰਾਂ ਤੋਂ ਡਿਪੂਆਂ ਤਕ ਅਨਾਜ ਪਹੁੰਚਾਉਣ ਲਈ ਕੀਤੀ ਜਾ ਸਕਦੀ ਹੈ ,

  ਇਹ ਦੂਰੀ 25 ਕਿਲੋਮੀਟਰ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਵਕੀਲ ਨੇ ਟਰੈਕਟਰ ਟਰਾਲੀ ਦੀ ਗੁੱਡਜ਼ ਟਰਾਂਸਪੋਰਟ ਵਜੋਂ ਵਰਤੋਂ ਸਬੰਧੀ ਪੂਰੀ ਪ੍ਰਕਿਰਿਆ ਅਤੇ ਮਾਪਦੰਡਾਂ ਦੀ ਵੀ ਜਾਣਕਾਰੀ ਦਿੱਤੀ।

  ਉਹਨਾਂ  ਦਾ ਕਹਿਣਾ ਸੀ ਕਿ ਟਰੈਕਟਰ-ਟਰਾਲੀਆਂ ਨੂੰ ਮਾਲ ਦੀ ਢੋਆ-ਢੁਆਈ ਵਾਲੇ ਵਾਹਨਾਂ ਵਜੋਂ ਵਰਤਣ ‘ਤੇ ਕੋਈ ਕਾਨੂੰਨੀ ਬੰਦਿਸ਼ ਨਹੀਂ ਹਾਲਾਂਕਿ ਜੇਕਰ ਮਾਲਕ ਟਰੈਕਟਰ-ਟਰਾਲੀਆਂ ਵਪਾਰ ਲਈ ਵਰਤਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਵਾਹਨ ਰਜਿਸਟਰ ਕਰਵਾਉਣ ਦੀ ਲੋੜ ਹੋਵੇਗੀ |